ਕਿਤਾਬ “ਸ਼ਬਦ ਜੰਗ” ਪੰਜ ਭਾਗਾਂ ਵਿਚ ਵੰਡੀ ਹੋਈ ਹੈ- ਸ਼ਬਦ ਜੰਗ, ਵਿਆਖਿਆ ਜੰਗ, ਪਰਚਾਰ ਜੰਗ, ਸਵਾਲਾਂ ਦੀ ਜੰਗਬਾਜੀ ਅਤੇ ਨਿਖੇਧਕਾਰੀ। ਪੰਜਾਂ ਭਾਗਾਂ ਵਿਚ ਛੋਟੇ ਛੋਟੇ ਕੁੱਲ ਛੱਤੀ ਪਾਠ ਹਨ।
ਜਿਸ ਦੌਰ ਵਿੱਚ ਅਸੀਂ ਜਿਓਂ ਰਹੇ ਹਾਂ ਓਥੇ ਇਸ ਵਿਸ਼ੇ ਦੀ ਬੇਹੱਦ ਸਾਰਥਕਤਾ ਹੈ। ਵਿਸ਼ੇ, ਮੁਹਾਵਰੇ, ਸ਼ੈਲੀ ਅਤੇ ਪਹੁੰਚ ਵਜੋਂ ਇਹ ਆਪਣੀ ਤਰ੍ਹਾਂ ਦੀ ਨਵੇਕਲੀ ਕਿਤਾਬ ਹੈ। ਮੇਰੀ ਨਜ਼ਰੇ ਸਥਾਪਿਤ ਸੱਤਾ ਅਤੇ ਤਾਕਤਾਂ ਨਾਲ ਲੜਨ ਵਾਲੀਆਂ ਧਿਰਾਂ ਲਈ ਇਹ ਰਾਹਤ ਦੇਣ ਵਾਲੀ ਹੈ ਅਤੇ ਸੱਤਾਧਾਰੀ ਅਤੇ ਝੂਠੀਆਂ ਧਿਰਾਂ ਲਈ ਸਿਰਦਰਦੀ ਖੜ੍ਹੀ ਕਰਨ ਵਾਲੀ ਵੀ ਹੋ ਸਕਦੀ ਹੈ। ਸੱਤਾ ਸਦਾ ਹੀ ਲੜਨ ਵਾਲੀਆਂ ਧਿਰਾਂ ਨੂੰ ਬਹੁਭਾਂਤ ਦੇ ਸਿੱਧੇ-ਅਸਿੱਧੇ, ਹੋਛੇ ਅਤੇ ਉਲਝਾਊ ਸਵਾਲਾਂ ਨਾਲ ਘੇਰਦੀ ਹੈ। ਇਹ ਕਿਤਾਬ ਇਸ ਵਰਤਾਰੇ ਨੂੰ ਸਮਝਣ-ਸਮਝਾਉਣ ਦੇ ਰਾਹ ਤੋਰਨ ਵਾਲੀ ਹੈ।